ਵਿਗਿਆਨ ਤੇ ਟੈਕਨਾਲੋਜੀ ਖ਼ਬਰਾਂ

ਐਪਲ ਦੇ ਨਵੇਂ ਆਈ-ਪੈਡ ਦੀ ਮਸ਼ਹੂਰੀ ਨੇ ਫਨਕਾਰਾਂ ਦੀ ਦੁਖਦੀ ਰਗ ਨੂੰ ਦਬਾਇਆ! ਕੀ ਨਵੀਂ ਟੈਕਨਾਲੋਜੀ ਮਨੁੱਖੀ ਸਿਰਜਣਾ ਦਾ ਘਾਣ ਕਰ ਰਹੀ ਹੈ? 

ਮੰਗਲਵਾਰ 7 ਮਈ, 2024 ਨੂੰ ਰਿਲੀਜ਼ ਕੀਤੀ ਗਈ ਐਪਲ ਦੇ ਆਉਣ ਵਾਲ਼ੇ ਨਵੇਂ ਆਈ-ਪੈਡ ਦੀ ਮਸ਼ਹੂਰੀ, ਜਿਸ ਦਾ ਸਿਰਲੇਖ “ਕੁਚਲਨਾ (Crush!)” ਹੈ, ਵਿਚ ਬਹੁਤ ਸਾਰੀਆਂ ਵਸਤਾਂ ਜਿਨ੍ਹਾਂ ਵਿਚ ਰਿਕਾਰਡ ਪਲੇਅਰ, ਪਿਆਨੋ, ਗਿਟਾਰ, ਇੱਕ ਪੁਰਾਣਾ ਟੀ.ਵੀ., ਕੁਝ ਕੈਮਰੇ, ਟਾਈਪਰਾਈਟਰ, ਕਿਤਾਬਾਂ, ਪੇਂਟ ਅਤੇ ਇੱਕ ਪੁਰਾਣੀ ਖੇਡਾਂ ਦੀ ਮਸ਼ੀਨ (arcade game machine) ਨੂੰ ਦਬਾਕੇ ਤੇ ਤੋੜ ਕੇ ਇੱਕ ਆਈ-ਪੈਡ ਬਣਦਾ ਹੋਇਆ ਦਿਖਾਇਆ ਗਿਆ ਹੈ। ਪਰ ਫ਼ਨਕਾਰਾਂ ਤੇ ਬੁੱਧੀਜੀਵੀਆਂ ਨੂੰ ਇਹ ਮਸ਼ਹੂਰੀ ਚੰਗੀ ਨਹੀਂ ਲੱਗੀ, ਇੱਕ ਤਰ੍ਹਾਂ ਨਾਲ਼ ਜਿਵੇਂ ਕਿਸੇ ਨੇ ਉਹਨਾਂ ਦੀ ਦੁਖਦੀ ਰਗ ਤੇ ਹੱਥ ਰੱਖ ਦਿੱਤਾ ਹੋਵੇ, ਤੇ ਲੋਕਾਂ ਨੇ ਆਨਲਾਈਨ ਇਸ ਮਸ਼ਹੂਰੀ ਦਾ ਬਹੁਤ ਵਿਰੋਧ ਕੀਤਾ। ਹਾਰ ਕੇ ਐਪਲ ਨੂੰ ਇਹ ਮਸ਼ਹੂਰੀ ਵਾਪਸ ਲੈਣੀ ਪਈ ਤੇ ਕੰਪਨੀ ਨੇ ਵਾਅਦਾ ਕੀਤਾ ਕਿ ਉਹ ਟੀ.ਵੀ. ਉੱਤੇ ਨਹੀਂ ਦਿਖਾਈ ਜਾਵੇਗੀ। ਪਹਿਲਾਂ ਹੀ ਫਨਕਾਰ ਏ.ਆਈ. ਤੇ ਹੋਰ ਟੈਕਨਾਲੋਜੀ ਦੁਆਰਾ ਉਹਨਾਂ ਦੀਆਂ ਰਚਨਾਵਾਂ ਨੂੰ ਦਬਾਉਣ ਕਰਕੇ ਦੁਖੀ ਹਨ ਤੇ ਉੱਪਰੋਂ ਇਸ ਮਸ਼ਹੂਰੀ ਨੇ ਹੋਰ ਡਰਾਉਣਾ ਵਾਤਾਵਰਣ ਬਣਾ ਦਿੱਤਾ। ਹਾਲਾਂਕਿ ਐਪਲ ਕੰਪਨੀ ਦੀ ਮਨਸ਼ਾ ਅਜਿਹੀ ਨਹੀਂ ਲਗਦੀ ਪਰ ਇੱਕ ਯੂਨੀਵਰਸਿਟੀ ਪ੍ਰੋਫ਼ੈਸਰ ਦੇ ਅਨੁਸਾਰ, ਜਿਸ ਤਰ੍ਹਾਂ ਟੈਕਨਾਲੋਜੀ ਪੁਰਾਣੀਆਂ ਚੀਜ਼ਾਂ ਨੂੰ ਤਬਾਹ ਕਰਦੀ ਦਿਖਾਈ ਗਈ ਹੈ, ਜਿਨ੍ਹਾਂ ਨਾਲ਼ ਹਰ ਇੱਕ ਇਨਸਾਨ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ, ਉਹ ਬਹੁਤ ਚਿੰਤਾਜਨਕ ਹੈ! ਟੈਕਨਾਲੋਜੀ ਮਨੁੱਖੀ ਰਚਨਾ ਨੂੰ ਉੱਤਮ ਬਣਾਉਣ ਦਾ ਸਾਧਨ ਹੋਣੀ ਚਾਹੀਦੀ ਹੈ ਨਾ ਕਿ ਉਸਨੂੰ ਦਬਾਉਣ ਦਾ। ਇਹ ਗੱਲ ਨੋਟ ਕਰਨ ਵਾਲ਼ੀ ਹੈ ਕਿ ਐਪਲ ਦੇ ਆਈ-ਪੈਡ ਦੀ ਵਿੱਕਰੀ ਪਿਛਲੇ ਸਾਲ ਦੇ ਮੁਤਾਬਿਕ ਕਾਫ਼ੀ ਘਟ ਗਈ ਹੈ। (ਅਮਨਦੀਪ ਸਿੰਘ)